Music

ਪਾਕਿਸਤਾਨ ਵਲੋਂ 337 ਭਾਰਤੀ ਕੈਦੀ ਰਿਹਾਅ

ਕਰਾਚੀ, ਅਗੱਸਤ : ਪਾਕਿਸਤਾਨ ਨੇ ਅੱਜ 337 ਭਾਰਤੀ ਕੈਦੀਆਂ ਨੂੰ ਰਿਹਾਅ ਕਰ ਦਿਤਾ ਜਿਨ੍ਹਾਂ ਵਿਚੋਂ ਜ਼ਿਆਦਾਤਰ ਮਛੇਰੇ ਹਨ। ਦਖਣੀ ਸਿੰਧ ਸੂਬੇ ਦੇ ਗ੍ਰਹਿ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ 329 ਕੈਦੀਆਂ ਨੂੰ ਮਲੀਰ ਜੇਲ ਤੋਂ ਰਿਹਾਅ ਕੀਤਾ ਗਿਆ ਜਦਕਿ 8 ਨਾਬਾਲਗ਼ਾਂ ਨੂੰ ਲਾਂਧੀ ਸਥਿਤ ਬਾਲ ਕੇਂਦਰ ਤੋਂ ਛਡਿਆ ਗਿਆ।
ਮਲੀਰ ਜੇਲ ਦੇ ਸੁਪਰਡੈਂਟ ਸ਼ੁਜਾ ਹੈਦਰ ਨੇ ਦਸਿਆ ਕਿ ਇਕ ਭਾਰਤੀ ਕੈਦੀ ਨੂੰ ਰਿਹਾਅ ਨਹੀਂ ਕੀਤਾ ਜਾ ਸਕਿਆ ਕਿਉਂਕਿ ਅਜੇ ਤਕ ਉਸ ਦੀ ਨਾਗਰਿਕਤਾ ਬਾਰੇ ਪੁਸ਼ਟੀ ਨਹੀਂ ਹੋ ਸਕੀ ਹੈ। ਜ਼ਿਆਦਾਤਰ ਮਛੇਰਿਆਂ ਨੂੰ ਪਾਕਿਸਤਾਨੀ ਪਾਣੀਆਂ ਵਿਚ ਦਾਖ਼ਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਹ ਸਾਰੇ ਕੈਦੀ ਆਪੋ-ਅਪਣੀ ਸਜ਼ਾ ਪੂਰੀ ਕਰ ਚੁਕੇ ਹਨ। ਹੈਦਰ ਨੇ ਕਿਹਾ ਕਿ ਅਪਣੇ ਦੇਸ਼ ਜਾਣ ਦੀ ਖ਼ੁਸ਼ੀ ਭਾਰਤੀ ਕੈਦੀਆਂ ਤੋਂ ਸਾਂਭੀ ਨਹੀਂ ਜਾ ਰਹੀ ਸੀ। ਇਨ੍ਹਾਂ ਨੂੰ 8 ਏਅਰ ਕੰਡੀਸ਼ਨਡ ਬਸਾਂ ਰਾਹੀਂ ਲਾਹੌਰ ਰਵਾਨਾ ਕਰ ਦਿਤਾ ਗਿਆ ਹੈ। ਸਰਕਾਰ ਵਲੋਂ ਇਨ੍ਹਾਂ ਨੂੰ ਖਾਣ-ਪੀਣ ਦੇ ਸਾਮਾਨ ਤੋਂ ਇਲਾਵਾ ਕੁੱਝ ਪੈਸੇ ਵੀ ਦਿਤੇ ਗਏ ਹਨ। ਇਹ ਸਾਰੇ ਕੈਦੀ ਸਨਿਚਰਵਾਰ ਨੂੰ ਵਾਹਘਾ ਸਰਹੱਦ ਰਾਹੀਂ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿਤੇ ਜਾਣਗੇ।
ਦੱਸਣਯੋਗ ਹੈ ਕਿ ਪਾਕਿਸਤਾਨ ਵਲੋਂ ਕੈਦੀ ਰਿਹਾਅ ਕੀਤੇ ਜਾਣ ਦਾ ਕਦਮ ਅਜਿਹੇ ਸਮੇਂ ਚੁਕਿਆ ਗਿਆ ਹੈ ਜਦ ਦੋਹਾਂ ਮੁਲਕਾਂ ਦਰਮਿਆਨ ਕੰਟਰੋਲ ਰੇਖਾ ‘ਤੇ ਹੋ ਰਹੀ ਗੋਲੀਬੰਦੀ ਦੀ ਉਲੰਘਣਾ ਨੂੰ ਲੈ ਕੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। (ਪੀਟੀਆਈ) Source Rozana Spokesman