Music

103 ਸਾਲਾ ਆਜ਼ਾਦੀ ਘੁਲਾਟੀਏ ਦਾ ਜਜ਼ਬਾ ਅੱਜ ਵੀ ‘ਕਾਇਮ’

ਰੋਜ਼ਾਨਾ ਕਸਰਤ, ਦੁੱਧ ਦਾ ਸੇਵਨ ਅਤੇ ਸਿਮਰਨ ਹੈ ਚੰਗੀ ਸਿਹਤ ਦਾ ਰਾਜ਼ ਪਰ ਪ੍ਰਸ਼ਾਸ਼ਨ ਨੇ ਕੀਤਾ ਅਣਗੌਲਿਆ
ਸੰਦੌੜ  (ਗਿੱਲ)- ਦੇਸ਼ ਦੀ ਆਜ਼ਾਦੀ ਲਈ ਆਪਣਾ ਬੇਸ਼ਕੀਮਤੀ ਯੋਗਦਾਨ ਪਾਉਣ ਵਾਲੇ ਅਤੇ ਭਾਰਤ ਦੀ ਆਜ਼ਾਦੀ ਲਈ ਅੰਗਰੇਜ਼ ਹਕੂਮਤ ਨਾਲ ਲੋਹਾ ਲੈਣ ਵਾਲੇ ਬਾਬਾ ਸਰਦੂਲ ਸਿੰਘ ਸੰਦੌੜ ਦੇ ਮਨ ਅੰਦਰ ਅੱਜ 103 ਸਾਲਾਂ ਦੀ ਉਮਰ ਵਿੱਚ ਵੀ ਕੁਝ ਕਰ ਗੁਜ਼ਰਨ ਦੀ ਤਮੰਨਾ ਅੰਗੜਾਈਆਂ ਭਰ ਰਹੀ ਹੈ। ਸੰਨ 1910 ਵਿੱਚ ਪਿੰਡ ਸੰਦੌੜ ਵਿਖੇ ਬਾਪੂ ਹਰਨਾਮ ਸਿੰਘ ਦੇ ਘਰ ਜਨਮ ਲੈਣ ਵਾਲੇ ਬਾਬਾ ਸਰਦੂਲ ਸਿੰਘ ਦੇ ਮਨ ਅੰਦਰ ਛੋਟੀ ਉਮਰੇ ਹੀ ਅੰਗਰੇਜ਼ਾਂ ਦੁਆਰਾ ਲੋਕਾਂ ‘ਤੇ ਕੀਤੇ ਜਾਂਦੇ ਜ਼ੁਲਮਾਂ ਅਤੇ ਪੱਖਪਾਤ ਨੂੰ ਲੈ ਕੇ ਅੰਗਰੇਜ਼ਾਂ ਵਿਰੁੱਧ ਨਫਰਤ ਪੈਦਾ ਹੋਈ ਜੋ ਜਵਾਨੀ ‘ਚ ਭਾਂਬੜ ਬਲ ਉੱਠੀ ਅਤੇ ਆਪ ਆਜ਼ਾਦੀ ਦੇ ਪਰਵਾਨਿਆਂ ਨਾਲ ਜੰਗ-ਏ-ਆਜ਼ਾਦੀ ਚ ਕੁੱਦ ਪਏ।ਇਸ ਲੜਾਈ ਦੇ ਚੱਲਦਿਆਂ ਸਰਦੂਲ ਸਿੰਘ ਨੂੰ ਅੰਗਰੇਜ਼ਾ ਦੁਆਰਾ ਮੁਲਤਾਨ ਜੋ ਕਿ ਅੱਜਕੱਲ ਪਾਕਿਸਤਾਨ ਵਿੱਚ ਹੈ ਅਤੇ ਲੁਧਿਆਣਾ ਦੀਆਂ ਜ਼ੇਲਾਂ ਵਿੱਚ ਬੰਦ ਕਰ ਦਿੱਤਾ ਗਿਆ।ਪਰ ਬਾਬਾ ਜੀ ਦੇ ਮਨ ਅੰਦਰ ਦੇਸ਼ ਪ੍ਰੇਮ ਦੀ ਬਲਦੀ ਚਿੰਗਾਰੀ ਹੋਰ ਤੇਜ਼ ਹੋ ਗਈ। ਬਾਬਾ ਜੀ ਨੂੰ ਅੰਗਰੇਜ਼ਾਂ ਨੇ ਚਾਰ ਵਾਰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਪਰ ਬਾਬਾ ਜੀ ਆਪਣੀ ਤੀਖਣ ਬੁੱਧੀ ਨਾਲ ਬਚਦੇ ਰਹੇ।ਅੱਜ 103 ਸਾਲਾਂ ਦੀ ਉਮਰ ਵਿੱਚ ਵੀ ਬਾਬਾ ਜੀ ਦੀ ਸਿਹਤ ਠੀਕ ਹੈ ਅਤੇ ਉਹ ਪੂਰੀ ਤਰਾਂ ਚੇਤੰਨ ਅਵਸਥਾ ਵਿੱਚ ਆਜ਼ਾਦੀ ਦੇ ਦਿਨਾਂ ਦੇ ਕਿੱਸੇ ਸੁਣਾਉਂਦੇ ਹੋਏ ਜੋਸ਼ ਨਾਲ ਭਰ ਜਾਂਦੇ ਹਨ।ਜਦੋਂ ਬਾਬਾ ਜੀ ਨੂੰ ਉਨ੍ਹਾਂ ਦੀ ਚੰਗੀ ਸਿਹਤ ਦੇ ਰਾਜ਼ ਬਾਰੇ ਪੁੱਛਿਆ ਤਾਂ ਉਨਾਂ ਦੱਸਿਆ ਕਿ ਰੋਜ਼ਾਨਾ ਸੈਰ ਕਰਨ ਦੇ ਨਾਲ ਉਹ ਹਰ ਰੋਜ਼ ਦੋ ਲੀਟਰ ਦੁੱਧ ਪੀਂਦੇ ਹਨ ਅਤੇ ਫਲਾਂ ਤੇ ਸ਼ਾਕਾਹਾਰੀ ਭੋਜਨ ਦੇ ਨਾਲ-ਨਾਲ ਪ੍ਰਮਾਤਮਾ ਦੇ ਨਾਂ ਦਾ ਸਿਮਰਨ ਕਰਦੇ ਹਨ।ਭਾਂਵੇਂ ਬਾਬਾ ਜੀ ਨੂੰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਪੈਨਸ਼ਨ ਮਿਲ ਰਹੀ ਹੈ ਪਰ ਸਥਾਨਕ ਤੇ ਜ਼ਿਲਾ ਪ੍ਰਸ਼ਾਸ਼ਨ ਵਲੋਂ ਇਸ ਵਾਰ ਉਨ੍ਹਾਂ ਨੂੰ 15 ਅਗਸਤ ਅਤੇ 26 ਜਨਵਰੀ ਦੇ ਦਿਹਾੜਿਆਂ ਤੇ ਸੱਦਾ ਪੱਤਰ ਵੀ ਨਹੀਂ ਭੇਜਿਆ ਗਿਆ ਅਤੇ ਬਾਬਾ ਸਰਦੂਲ ਸਿੰਘ ਨੂੰ ਪ੍ਰਸ਼ਾਸ਼ਨ ਦੇ ਇਸ ਰਵੱਈਏ ਤੋਂ ਡਾਹਢਾ ਦੁੱਖ ਪਹੁੰਚਿਆ ਹੈ।ਜਦੋਂ ਇਸ ਸੰਬੰਧੀ ਨਾਇਬ ਤਹਿਸੀਲਦਾਰ ਮਨਹੋਮਹਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ 26 ਜਨਵਰੀ ਵੇਲੇ ਉਹ ਇੱਥੇ ਤੈਨਾਤ ਨਹੀਂ ਸਨ ਅਤੇ 15 ਅਗਸਤ ਵੇਲੇ ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਡੀ. ਸੀ. ਦਫਤਰ ਦੁਆਰਾ ਤਹਿਸੀਲਦਾਰ ਮਾਲੇਰਕੋਟਲਾ ਵੱਲੋਂ ਭੇਜੀ ਜਾਂਦੀ ਲਿਸਟ ਮੁਤਾਬਿਕ ਹੀ ਸੁਨੇਹੇ ਲਗਾਉਣੇ ਹੁੰਦੇ ਹਨ ਅਤੇ ਸੱਦਾ ਪੱਤਰ ਭੇਜਣਾ ਹੁੰਦਾ ਹੈ ਇਸ ਕਰਕੇ ਇਸ ਸੰਬੰਧੀ ਤਹਿਸੀਲਦਾਰ ਸਾਹਿਬ ਜਾਂ ਡੀ. ਸੀ. ਸੰਗਰੂਰ ਹੀ ਦੱਸ ਸਕਦੇ ਹਨ। ਇਸ ਸਬੰਧੀ ਤਹਿਸੀਲਦਾਰ ਮਾਲੇਰਕੋਟਲਾ ਨਾਲ ਵਾਰ-ਵਾਰ ਉਨ੍ਹਾਂ ਦੇ ਮੋਬਾਈਲ ‘ਤੇ ਸੰਪਰਕ ਕਰਨ ‘ਤੇ ਵੀ ਸੰਪਰਕ ਨਹੀਂ ਹੋ ਸਕਿਆ।ਪ੍ਰਸ਼ਾਸ਼ਨ ਦੁਆਰਾ ਬਾਬਾ ਸਰਦੂਲ ਸਿੰਘ ਲਈ ਧਾਰਨ ਕੀਤੇ ਗਏ ਇਸ ਰਵੱਈਏ ਦੀ ਬਾਬਾ ਬਚਨ ਸਿੰਘ ਸੰਦੌੜ ਅਤੇ ਸਮਾਜ ਸੇਵੀ ਰਿਟਾ ਸੂਬੇਦਾਰ ਪਿਆਰਾ ਸਿੰਘ ਸਮੇਤ ਇਲਾਕੇ ਨਾਲ ਸੰਬੰਧਤ ਵੱਖ ਵੱਖ ਸੰਸਥਾਵਾਂ ਨੇ ਨਿੰਦਾ ਕੀਤੀ ਹੈ। Source Jagbani