Music

ਨਾਈਜੀਰੀਅਨਾਂ ਨੇ ਕੀਤਾ ਜੰਮ ਕੇ ਹੰਗਾਮਾ

* ਪ੍ਰੈੱਸ ਫੋਟੋਗ੍ਰਾਫਰ ਅਤੇ ਲੋਕਾਂ ‘ਤੇ ਕੀਤਾ ਹਮਲਾ  * ਪੁਲਸ ਨੂੰ ਕਈ ਘੰਟੇ ਲੱਗੇ ਭੜਕੇ ਨਾਈਜੀਰੀਅਨਾਂ ਨੂੰ ਸ਼ਾਂਤ ਕਰਨ ‘ਚ- Source Jag Bani
ਜ਼ੀਰਕਪੁਰ, (ਗੁਰਪ੍ਰੀਤ)-ਸ਼ਹਿਰ ‘ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਜ਼ੀਰਕਪੁਰ ਮੁੱਖ ਮਾਰਗ ‘ਤੇ ਸ਼ਰਮਾ ਫਾਰਮ ਦੇ ਨੇੜੇ ਸਥਿਤ ਪੈਰਾਮਾਊਂਟ ਹਾਊਸਿੰਗ ਸੁਸਾਇਟੀ ‘ਚ ਦਰਜਨਾਂ ਨਾਈਜੀਰੀਅਨਾਂ ਨੇ ਜੰਮ ਕੇ ਹੰਗਾਮਾ ਕੀਤਾ ਅਤੇ ਮੌਕੇ ‘ਤੇ ਪੁੱਜੇ ਪ੍ਰੈੱਸ ਫੋਟੋਗ੍ਰਾਫਰ ‘ਤੇ ਹਮਲਾ ਕਰ ਦਿੱਤਾ। ਮਾਮਲਾ ਇਥੇ ਹੀ ਸ਼ਾਂਤ ਨਹੀਂ ਹੋਇਆ, ਇਨ੍ਹਾਂ ਨਾਈਜੀਰੀਅਨਾਂ ਨੇ ਉਥੇ ਪੁੱਜੇ ਕਈ ਲੋਕਾਂ ਨਾਲ ਵੀ ਬਦਸਲੂਕੀ ਕੀਤੀ। ਮੌਕੇ ‘ਤੇ ਥਾਣਾ ਮੁਖੀ ਤਰਲੋਚਨ ਸਿੰਘ ਭਾਰੀ ਪੁਲਸ ਫੋਰਸ ਲੈ ਕੇ ਪੁੱਜੇ ਪਰ ਪੁਲਸ ਨੂੰ ਵੀ ਨਾਈਜੀਰੀਅਨਾਂ ਨੂੰ ਸ਼ਾਂਤ ਕਰਨ ਲਈ ਕਈ ਘੰਟੇ ਲੱਗ ਗਏ। ਕਈ ਵਾਰ ਤਾਂ ਪੁਲਸ ਮੁਲਾਜ਼ਮਾਂ ਨੂੰ ਵੀ ਨਾਈਜੀਰੀਅਨਾਂ ਦੇ ਗੁੱਸੇ ਦਾ ਸਾਹਮਣਾ ਕਰਨ ਪਿਆ ਅਤੇ ਪੁਲਸ ਇਨ੍ਹਾਂ ਅੱਗੇ ਲਾਚਾਰ ਦਿਖਾਈ ਦਿੱਤੀ। ਨਾਈਜੀਰੀਅਨਾਂ ਦੇ ਹੁੜਦੰਗ ਨਾਲ ਪੂਰੇ ਸ਼ਹਿਰ ‘ਚ ਦਹਿਸ਼ਤ ਫੈਲ ਗਈ।
ਜਾਣਕਾਰੀ ਮੁਤਾਬਕ ਨਾਈਜੀਰੀਆ ਦੇਸ਼ ਤੋਂ 51 ਦੇ ਕਰੀਬ ਵਿਦਿਆਰਥੀ ਮਰਕਰੀ ਸਲਿਊਸ਼ਨ ਨਾਂ ਦੇ ਵਿਦਿਅਕ ਅਦਾਰੇ ‘ਚ ਇਕ ਸਾਲ ਦਾ ਮਕੈਨੀਕਲ ਆਟੋਮਿਸ਼ਨ ਦਾ ਕੋਰਸ ਕਰਨ ਲਈ ਭਾਰਤ ਆਏ ਹੋਏ ਹਨ। ਅਦਾਰੇ ਵਲੋਂ ਉਨ੍ਹਾਂ ਨੂੰ ਪੰਚਕੂਲਾ ਵਿਖੇ ਦਸ ਮਹੀਨੇ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ, ਜਿਸ ਲਈ ਉਨ੍ਹਾਂ ਨੂੰ ਜ਼ੀਰਕਪੁਰ ਦੀ ਉਕਤ ਸੁਸਾਇਟੀ ਦੇ ਫਲੈਟਾਂ ‘ਚ ਹੋਸਟਲ ਦੀ ਸਹੂਲਤ ਦਿੱਤੀ ਜਾ ਰਹੀ ਹੈ। 25 ਤੋਂ 35 ਸਾਲ ਦੀ ਉਮਰ ਦੇ ਵਿਚਕਾਰ ਇਨ੍ਹਾਂ ਵਿਦਿਆਰਥੀਆਂ ਦਾ ਕੋਰਸ ਪੂਰਾ ਹੋਣ ‘ਤੇ ਕੱਲ ਵਿਦਾਇਗੀ ਪਾਰਟੀ ਅਤੇ ਪ੍ਰਮਾਣ ਪੱਤਰ ਦਿੱਤੇ ਗਏ। ਇਸ ਮਗਰੋਂ ਉਹ ਅੱਜ ਸਵੇਰ ਤੋਂ ਹੀ ਨਸ਼ੇ ਦੀ ਹਾਲਤ ‘ਚ ਆਪਸ ‘ਚ ਹੰਗਾਮਾ ਕਰਨ ਲੱਗ ਗਏ। ਭੜਕੇ ਵਿਦਿਆਰਥੀਆਂ ਵਲੋਂ ਸੁਸਾਇਟੀ ਦੇ ਸ਼ੀਸ਼ੇ ਭੰਨਣ ਅਤੇ ਰੌਲਾ ਰੱਪਾ ਪਾਉਣ ਦੀ ਸੂਚਨਾ ਰਾਹਗੀਰਾਂ ਵਲੋਂ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਣ ਮਗਰੋਂ ਪੁਲਸ ਦੇ ਕੁਝ ਮੁਲਾਜ਼ਮ ਮੌਕੇ ‘ਤੇ ਪਹੁੰਚੇ ਪਰ ਸਰੀਰ ਤੋਂ ਹੱਟੇ-ਕੱਟੇ ਲੋਕਾਂ ਨੂੰ ਰੋਕਣ ‘ਚ ਪੁਲਸ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ, ਜਿਸ ਮਗਰੋਂ ਥਾਣਾ ਮੁਖੀ ਤਰਲੋਚਨ ਸਿੰਘ ਭਾਰੀ ਪੁਲਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਪਰ ਉਨ੍ਹਾਂ ਨੇ ਕਿਸੇ ਦੀ ਇਕ ਨਹੀਂ ਸੁਣੀ। ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਪੱਤਰਕਾਰ ਅਤੇ ਪ੍ਰੈੱਸ ਫੋਟੋਗ੍ਰਾਫਰ ਵੀ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਉਨ੍ਹਾਂ ਦੀ ਫੋਟੋ ਖਿੱਚਣੀ ਚਾਹੀ ਤਾਂ ਉਹ ਹੱਥਾਂ ‘ਚ ਪੱਥਰ ਲੈ ਕੇ ਉਨ੍ਹਾਂ ਦੇ ਪਿੱਛੇ ਭੱਜੇ, ਜਿਨ੍ਹਾਂ ਨੇ ਮੌਕੇ ਤੋਂ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਉਨ੍ਹਾਂ ਨੇ ਪੁਲਸ ਨਾਲ ਵੀ ਦੁਰਵਿਹਾਰ ਕੀਤਾ ਪਰ ਥਾਣਾ ਮੁਖੀ ਉਨ੍ਹਾਂ ਨੂੰ ਸਮਝਾਉਣ ‘ਚ ਜੁਟੇ ਰਹੇ ‘ਤੇ ਕਾਫੀ ਮੁਸ਼ੱਕਤ ਮਗਰੋਂ ਉਨ੍ਹਾਂ ਨੂੰ ਸ਼ਾਂਤ ਕੀਤਾ।
ਨਾਈਜੀਰੀਅਨ ਵਿਦਿਆਰਥੀਆਂ ਨੇ ਇੰਸਟੀਚਿਊਟ ਦੇ ਪ੍ਰਬੰਧਕਾਂ ‘ਤੇ ਉਨ੍ਹਾਂ ਨਾਲ ਧੋਖਾ ਕਰਨ ਦਾ ਦੋਸ਼ ਲਾਉਂਦੇ ਜਾਅਲੀ ਸਰਟੀਫਿਕੇਟ ਦੇਣ ਦਾ ਕਥਿਤ ਦੋਸ਼ ਲਾਇਆ ਅਤੇ ਇਨ੍ਹਾਂ ਪ੍ਰਮਾਣ ਪੱਤਰਾਂ ਦੀ ਉਨ੍ਹਾਂ ਦੇ ਦੇਸ਼ ‘ਚ ਕੋਈ ਮਾਨਤਾ ਨਾ ਹੋਣ ਦੀ ਗੱਲ ਆਖੀ। ਉਨ੍ਹਾਂ ਨੇ ਪ੍ਰਮਾਣ ਪੱਤਰਾਂ ‘ਤੇ ਉਮਰ ਅਤੇ ਪਿਤਾ ਦਾ ਨਾਂ ਲਿਖਣ ‘ਤੇ ਵੀ ਇਤਰਾਜ਼ ਪ੍ਰਗਟ ਕੀਤਾ। ਮਾਮਲਾ ਵਧਦਾ ਵੇਖ ਪੁਲਸ ਨੇ ਮੌਕੇ ‘ਤੇ ਇੰਸਟੀਚਿਊਟ ਦੇ ਪ੍ਰਬੰਧਕ ਬੁਲਾਏ, ਜਿਨ੍ਹਾਂ ਨਾਲ ਵੀ ਉਨ੍ਹਾਂ ਨੇ ਕਾਫੀ ਬਦਸਲੂਕੀ ਕੀਤੀ, ਜਿਨ੍ਹਾਂ ਨੇ ਭੱਜ ਕੇ ਜਾਨ ਬਚਾਈ। ਮੌਕੇ ‘ਤੇ ਪਹੁੰਚੇ ਇੰਸਟੀਚਿਊਟ ਦੇ ਮੈਨੇਜਰ ਰਾਕੇਸ਼ ਨੇ ਆਖਿਆ ਕਿ ਕੁਝ ਦਿਨਾਂ ‘ਚ ਇਨ੍ਹਾਂ ਦਾ ਵੀਜ਼ਾ ਖ਼ਤਮ ਹੋ ਰਿਹਾ ਹੈ ‘ਤੇ ਇਥੇ ਰਹਿਣ ਲਈ ਉਹ ਕੋਈ ਨਾ ਕੋਈ ਬਹਾਨਾ ਲਾ ਕੇ ਹੰਗਾਮਾ ਕਰ ਰਹੇ ਹਨ।