Music

ਅੱਜਕਲ ਦੀਆਂ ਫਿਲਮਾਂ ਨਾਲੋਂ ਬਿਲਕੁਲ ਹਟ ਕੇ ਹੈ ਪੰਜਾਬੀ ਫਿਲਮ ‘ਹਾਣੀ’ : ਹਰਭਜਨ ਮਾਨ

ਜਗ ਬਾਣੀ ਦੇ ਵਿਹੜੇ ਪੁੱਜੀ ‘ਹਾਣੀ’ ਦੀ ਟੀਮ
ਪੰਜਾਬੀ ਫਿਲਮਾਂ ਵਿਚ ਵੀ ਹੁਣ ਤਬਦੀਲੀਆਂ ਦਾ ਦੌਰ ਕੁਝ-ਕੁਝ ਸ਼ੁਰੂ ਹੋ ਗਿਆ ਜਾਪਦਾ ਹੈ। ਹੁਣ ਇਹ ਸਿਰਫ ਕਾਮੇਡੀ ਤਕ ਹੀ ਸੀਮਤ ਨਹੀਂ ਰਹਿ ਗਈਆਂ ਹਨ। ਅਜਿਹੀ ਹੀ ਇਕ ਹੋਰ ਕੋਸ਼ਿਸ਼ ਡਾਇਰੈਕਟਰ ਅਮਿਤੋਜ ਮਾਨ ਨੇ ਕੀਤੀ ਹੈ ਫਿਲਮ ਹਾਣੀ ਰਾਹੀਂ, ਜਿਸ ਵਿਚ ਹਰਭਜਨ ਮਾਨ ਅਤੇ ਸਰਬਜੀਤ ਚੀਮਾ ਮੁੱਖ ਭੂਮਿਕਾ ਨਿਭਾ ਰਹੇ ਹਨ।  6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਹਾਣੀ’ ਦੀ ਸਟਾਰ ਕਾਸਟ ਬੀਤੇ ਦਿਨੀਂ ‘ਜਗ ਬਾਣੀ’ ਦੇ ਦਫਤਰ ਪਹੁੰਚੀ। ਇਸ ਫਿਲਮ ‘ਚ ਹਰਭਜਨ ਮਾਨ, ਸਰਬਜੀਤ ਚੀਮਾ, ਬਾਬੂ ਸਿੰਘ ਮਾਨ, ਸੋਨੀਆ ਮਾਨ, ਮਹਿਰੀਨ ਕਾਲੇਕਾ ਨੇ ਵਿਸ਼ੇਸ਼ ਗੱਲਬਾਤ ‘ਚ ਫਿਲਮ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ‘ਹਾਣੀ’ ਫਿਲਮ ਬਾਰੇ ਗੱਲਬਾਤ ਕਰਦਿਆਂ ਹੋਇਆਂ ਹਰਭਜਨ ਮਾਨ ਨੇ ਦੱਸਿਆ ਕਿ 2 ਸਾਲਾਂ ਬਾਅਦ ਫਿਲਮਾਂ ਵਿਚ ਉਨ੍ਹਾਂ ਦੀ ਵਾਪਸੀ ਹੋਈ ਹੈ। ਇਸ ਫਿਲਮ ਨੂੰ ਮਿਲਣ ਦਾ ਸਬੱਬ ਕਿਵੇਂ ਬਣਿਆ? ਹਰਭਜਨ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਐਲਬਮ ‘ਮਿਰਜ਼ਾ’ ਦੀ ਸ਼ੂਟਿੰਗ ਦੌਰਾਨ ਅਮਿਤੋਜ ਮਾਨ ਨੇ ‘ਹਾਣੀ’ ਫਿਲਮ ਦੀ ਕਹਾਣੀ ਦਾ ਜ਼ਿਕਰ ਕੀਤਾ ਸੀ ਅਤੇ ਮੈਨੂੰ ਇਹ ਕਹਾਣੀ ਬਹੁਤ ਪਸੰਦ ਆਈ।
ਫਿਲਮ ਦੀ ਕਹਾਣੀ ਬਾਰੇ ਗੱਲ ਕਰਦਿਆਂ ਹਰਭਜਨ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਅੱਜਕੱਲ ਦੀਆਂ ਫਿਲਮਾਂ ਦੀਆਂ ਕਹਾਣੀਆਂ ਨਾਲੋਂ ਬਿਲਕੁੱਲ ਵੱਖਰੀ ਹੈ। ਇਸ ਵਿਚ ਹਰ ਕਿਰਦਾਰ ਦੀ ਆਪਣੀ ਇਕ ਵੱਖਰੀ ਪਛਾਣ ਹੈ। ‘ਹਾਣੀ’ ਫਿਲਮ ‘ਚ ਆਪਣੇ ਕਿਰਦਾਰ ਬਾਰੇ ਗੱਲ ਕਰਦੇ ਹੋਏ ਹਰਭਜਨ ਨੇ ਦੱਸਿਆ ਕਿ ਮੈਂ ਇਸ ਫਿਲਮ ਵਿਚ 1964 ਦੇ ਸਮੇਂ ਦੇ ਰਣਜੀਤ ਦੇ ਨਾਂ ਦਾ ਕਿਰਦਾਰ ਨਿਭਾ ਰਿਹਾ ਹਾਂ ਜੋ ਕਿ ਪੰਜਾਬੀ ਗੱਭਰੂ ਦਾ ਕਿਰਦਾਰ ਹੈ ਅਤੇ ਆਪਣੇ ਆਪ ਨੂੰ ਇਸ ਕਿਰਦਾਰ ਵਿਚ ਢਾਲਣ ਲਈ ਉਨ੍ਹਾਂ ਨੇ ਕਈ ਦਿਨ ਵਕਰਸ਼ਾਪ ਵੀ ਲਗਾਈ ਹੈ, ਜਿਸ ਦੌਰਾਨ ਉਨ੍ਹਾਂ ਨੇ ਡਾਂਗ ਚਲਾਉਣੀ ਵੀ ਸਿੱਖੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਆਪੋਜ਼ਿਟ ਮਹਿਰੀਨ (ਸੁੱਖਾ) ਦਾ ਕਿਰਦਾਰ ਨਿਭਾ ਰਹੀ ਹੈ ਅਤੇ ਇਹ ਇਕ ਤਿੱਕੜੀ ਦੀ ਕਹਾਣੀ ਹੈ, ਜਿਸ ਵਿਚ ਸਰਬਜੀਤ ਚੀਮਾ ਵੀ ਸ਼ਾਮਲ ਹਨ। ਹਰਭਜਨ ਮਾਨ ਨੇ ਦੱਸਿਆ ਕਿ ‘ਹਾਣੀ’ ਫਿਲਮ ਦੀ ਕਹਾਣੀ ਵਿਚ ਇਹ ਦਿਖਾਇਆ ਗਿਆ ਕਿ 1964 ਦੀ ਮੁਹੱਬਤ 2013 ਵਿਚ ਪੂਰੀ ਹੁੰਦੀ ਹੈ। ਇਸ ਦੇ ਨਾਲ ਹੀ ਗੱਲਬਾਤ ਕਰਦਿਆਂ ਹੋਇਆਂ ਫਿਲਮ ਦੀ ਅਭਿਨੇਤਰੀ ਮਹਿਰੀਨ ਕਾਲੇਕਾ ਨੇ ਦੱਸਿਆ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹੈ ਕਿ ਉਸ ਦੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਪੰਜਾਬੀ ਸਿਨੇਮਾ ਦੀ ਇਕ ਵੱਖਰੀ ਕਹਾਣੀ ਵਾਲੀ ਫਿਲਮ ਤੋਂ ਹੋਈ। ਉਨ੍ਹਾਂ ਨੇ ਦੱਸਿਆ ਕਿ ਮੇਰਾ ਰੋਲ ਕਾਫੀ ਚੁਣੌਤੀਪੂਰਨ ਸੀ। ਕਾਲੇਕਾ ਨੇ ਕਿਹਾ ਕਿ ਉਹ ਇਸ ਫਿਲਮ ਵਿਚ 1964 ਦਾ ਕਿਰਦਾਰ ਨਿਭਾ ਰਹੀ ਹੈ, ਜਿਸ ਲਈ ਉਸ ਨੇ ਵਰਕਸ਼ਾਪ ਲਾਈ ਅਤੇ ਇਕ ਹਫਤਾ ਲਗਾਤਾਰ ਪਿੰਡਾਂ ਦਾ ਦੌਰਾ ਕੀਤਾ ਤਾਂ ਕਿ ਉਹ ਇਕ ਪਿੰਡ ਦੀ ਕੁੜੀ ਦੇ ਰਹਿਣ-ਸਹਿਣ, ਸ਼ਰਮ-ਹਯਾ ਨੂੰ ਆਪਣੇ ਆਪ ਵਿਚ ਸਮੋਅ ਸਕੇ।
ਫਿਲਮ ਦੀ ਦੂਜੀ ਅਦਾਕਾਰਾ ਸੋਨੀਆ ਮਾਨ ਨੇ ਕਿਹਾ ਕਿ ਫਿਲਮ ਦੀ ਕਹਾਣੀ ਇਕ ਵੱਖਰੇ ਵਿਸ਼ਾ-ਵਸਤੂ ‘ਤੇ ਬਣਾਈ ਗਈ ਹੈ, ਜਿਸ ਵਿਚ ਮੇਰਾ ਕਿਰਦਾਰ 2013 ਦੀ ਕੁੜੀ ਦਾ ਹੈ। ਸੋਨੀਆ ਨੇ ਕਿਹਾ ਕਿ ਇਸ ਕਹਾਣੀ ਵਿਚ ਤੁਹਾਨੂੰ 1964 ਦਾ ਪਿਛੋਕੜ ਦੇਖਣ ਨੂੰ ਮਿਲੇਗਾ। ਸਰਬਜੀਤ ਚੀਮਾ ਨੇ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਹੋਇਆਂ ਦੱਸਿਆ ਕਿ ਉਹ ਫਿਲਮ ਵਿਚ ‘ਜੰਗੀਰਾ’ ਨਾਂ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਕਿ ਹਰਭਜਨ ਮਾਨ ਦਾ ਲੰਗੋਟੀਆ ਯਾਰ ਹੈ। ਉਥੇ ਹੀ ਇਸ ਬਾਰੇ ਫਿਲਮ ਦੇ ਗੀਤਕਾਰ ਬਾਬੂ ਸਿੰਘ ਮਾਨ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਹਰਭਜਨ ਮਾਨ ਨਾਲ ਦੂਜੀ ਪਾਰੀ ਹੈ ਅਤੇ ਫਿਲਮ ਇੰਡਸਟਰੀ ਵਿਚ ਚੌਥੀ ਪਾਰੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ 40-45 ਸਾਲ ਦਾ ਕਿਤਾਬੀ ਤਜ਼ਰਬਾ ਹੈ। ਉਨ੍ਹਾਂ ਕਿਹਾ ਕਿ ਮੈਂ ਬਥੇਰੇ ਗੀਤ ਲਿਖੇ ਹਨ ਪਰ ਜੋ ਸਕੂਨ ਮੈਨੂੰ ਇਸ ਫਿਲਮ ਦੇ ਗੀਤ ਲਿਖ ਕੇ ਮਿਲਿਆ ਹੈ ਉਹ ਮੈਨੂੰ ਹੋਰ ਕਿਸੇ ਫਿਲਮ ਦੇ ਗੀਤ ਲਿਖ ਕੇ ਨਹੀਂ ਮਿਲਿਆ। ਉਨ੍ਹਾਂ ਨੇ ਆਪਣੇ ‘ਹਾਣੀ’ ਫਿਲਮ ਵਿਚਲੇ ਪਸੰਦੀਦਾ ਗੀਤਾਂ ‘ਚੋਂ ‘ਮੈਂ ਜਦੋਂ ਵੀ ਵਗਿਆ ਹਵਾ ਬਣ ਕੇ ਵਗਿਆ’ ਅਤੇ ‘ਜੱਗਾ’ ਗੀਤ ਨੂੰ ਆਪਣੇ ਦਿਲ ਦੇ ਕਰੀਬ ਦੱਸਿਆ। ਹਰਭਜਨ ਮਾਨ ਨੇ ਦੱਸਿਆ ਕਿ ਉਹ ਪੰਜਾਬੀ ਸਿਨੇਮਾ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਨੇ ‘ਜੀ ਆਇਆਂ ਨੂੰ’ ਵਰਗੀ ਸੱਭਿਆਚਾਰਕ ਫਿਲਮ ਤੋਂ ਫਿਲਮ ਇੰਡਸਟਰੀ ਨੂੰ ਨਵੀਂ ਦਿਸ਼ਾ ਦਿੱਤੀ ਸੀ ਪਰ ਅੱਜ ਫਿਲਮਾਂ ਵਿਚ ਸਿਰਫ ਹਾਸਾ ਮਜ਼ਾਕ ਰਹਿ ਗਿਆ ਹੈ, ਕਿਤੇ ਵੀ ਕੋਈ ਸੁਨੇਹਾ ਜਾਂ ਸੱਭਿਆਚਾਰ ਵੇਖਣ ਨੂੰ ਨਹੀਂ ਮਿਲਦਾ। ਪੰਜਾਬੀ ਸਿਨੇਮਾ ਸਿਰਫ ਇਥੋਂ ਤਕ ਹੀ ਸੀਮਤ ਰਹਿ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਬਾਲੀਵੁੱਡ ਦੇ ਨਾਲ ਪੰਜਾਬੀ ਸਿਨੇਮਾ ਦਾ ਮੁਕਾਬਲਾ ਕਰਦੇ ਹਾਂ ਪਰ ਬਾਲੀਵੁੱਡ ਦੇ ਵਿਚ ਜੇ ਮਸਤੀ ਅਤੇ ਕਾਮੇਡੀ ਭਰਪੂਰ ਫਿਲਮਾਂ ਬਣ ਰਹੀਆਂ ਹਨ ਤਾਂ ਇਸ ਦੇ ਨਾਲ-ਨਾਲ ਹੀ ‘ਭਾਗ ਮਿਲਖਾ ਭਾਗ’, ‘ਵੈਡਨੈੱਸ ਡੇਅ’, ‘ਰੰਗ ਦੇ ਬਸੰਤੀ’ ਵਰਗੀਆਂ ਫਿਲਮਾਂ ਵੀ ਬਣਦੀਆਂ ਹਨ। ਦਰਸ਼ਕ ਹਰ ਤਰ੍ਹਾਂ ਦੀ ਕਹਾਣੀ ਮੰਗਦੇ ਹਨ। Source Jagbani